Sunday, 26 July 2015

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਘੰਟਾ ਘਰ ਵਿਖੇ ਕਦੇ ਚਰਚ ਨੁਮਾ ਇਮਾਰਤ ਹੋਇਆ ਕਰਦੀ ਸੀ। ਉਸ ਰੈੱਡ ਟਾਵਰ ਬਾਰੇ ਪੰਜਾਬੀ ਟਰੀਬਿਊਨ ਵਿੱਚ ਜਾਣਕਾਰੀ ਭਰਪੂਰ ਲੇਖ ਛਪਿਆ ਸੀ। ਸਾਂਝਾ ਕਰ ਰਿਹਾ ਹਾਂ।

82 ਵਰ੍ਹਿਆਂ ਤੱਕ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਾਇਮ ਰਿਹਾ ਰੈੱਡ ਟਾਵਰ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਲਗਾਤਾਰ ਵਧ ਰਹੀ ਮਹਾਨਤਾ ਨੂੰ ਵੇਖਦਿਆਂ ਹੋਇਆਂ ਅੰਗਰੇਜ਼ਾਂ ਨੇ ਪੰਜਾਬ ’ਤੇ ਅਧਿਕਾਰ ਕਾਇਮ ਕਰਦਿਆਂ ਹੀ ਜਲਦਬਾਜ਼ੀ ਵਿੱਚ ਅੰਮ੍ਰਿਤਸਰ ਵਿੱਚ ਈਸਾਈ ਧਰਮ ਨਾਲ ਸਬੰਧਤ ਇਕ ਤੋਂ ਬਾਅਦ ਇਕ, ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸ ਸਭ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲਹਿੰਦੇ ਵੱਲ ਨੂੰ ਮੌਜੂਦ ਢਾਈ ਮੰਜ਼ਲਾਂ ਬੁੰਗਾ ਸਰਕਾਰ ਬਨਾਮ ਬੁੰਗਾ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਮਿਸ਼ਨ ਸਕੂਲ ਦੀ ਕ੍ਰਿਸਚੀਅਨ ਮਿਸ਼ਨਰੀ ਦੀ ਮਲਕੀਅਤ ਘੋਸ਼ਿਤ ਕਰਕੇ ਕੀਤੀ ਗਈ। ਜਲਦੀ ਬਾਅਦ ਇਸ ਬੁੰਗੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਮ.ਸੀ. ਸਾਂਡਰਸ ਨੇ ਪੁਲੀਸ ਥਾਣਾ, ਛੋਟੀ ਜੇਲ੍ਹ ਅਤੇ ਕਚਹਿਰੀ ਕਾਇਮ ਕਰਾ ਦਿੱਤੀ। ਇਸ ਦੇ 10 ਵਰ੍ਹੇ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ ਬਾਕੀ ਸਭ ਬੁੰਗਿਆਂ ’ਚੋਂ ਆਲੀਸ਼ਾਨ ’ਤੇ ਖੂਬਸੂਰਤ ਇਸ ਬੁੰਗੇ ਦਾ ਵੱਡਾ ਹਿੱਸਾ ਜ਼ਮੀਨਦੋਜ਼ ਕਰ ਦਿੱਤਾ ਗਿਆ। ਜਿਸ ਦੇ ਜਲਦੀ ਬਾਅਦ ਇਸ ਦੇ ਨਾਲ ਲਗਦੇ ਬੁੰਗਾ ਕੰਵਰ ਨੌਨਿਹਾਲ ਸਿੰਘ ਅਤੇ ਬੁੰਗਾ ਲਾਡੂਵਾਲੀਆ ਨੂੰ ਗਿਰਾ ਕੇ ਉਨ੍ਹਾਂ ਦੀ ਜਗ੍ਹਾ ’ਤੇ ਸੰਨ 1863 ਵਿੱਚ ਗਿਰਜਾ-ਘਰ ਦੀ ਦਿੱਖ ਵਾਲੇ ਇਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ, ਜੋ 50,000 ਰੁਪਏ ਦੀ ਲਾਗਤ ਨਾਲ ਸੰਨ 1874 ਵਿੱਚ ਮੁਕੰਮਲ ਹੋਇਆ।
ਇਹ ਸਮਾਰਕ ਅੰਗਰੇਜ਼ਾਂ ਦੇ ਖ਼ੁਰਾਫ਼ਾਤੀ ਦਿਮਾਗ ਦੀ ਇਕ ਅਜਿਹੀ ਉਪਜ ਸੀ, ਜਿਸ ਦੇ ਚਲਦਿਆਂ ਉਹ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ ਵਿਚ ਆਪਣੀ ਦਖ਼ਲ-ਅੰਦਾਜ਼ੀ ਵਧਾਉਣਾ ਚਾਹੁੰਦੇ ਸਨ, ਸਗੋਂ ਇਸ ਸਮਾਰਕ ਦੀ ਮਾਰਫ਼ਤ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀਆਂ ਗਤੀਵਿਧਿਆਂ ’ਤੇ ਵੀ ਨਜ਼ਰ ਰੱਖ ਰਹੇ ਸਨ। ਯੂਰਪੀਅਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਹੁਕੂਮਤ ਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੇਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇਕ ਉਚੇ ਥੜ੍ਹੇ ’ਤੇ ਉਸਾਰਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਵਿਚ ਇਕ ਛੋਟਾ ਗਿਰਜਾ ਸ਼ੁਰੂ ਕਰਨ ਦੀ ਯੋਜਨਾ ਸੀ। ਉਪਰੋਕਤ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੀ ਮਿਊਂਸਪਲ ਕਮੇਟੀ ਦੇ ਡੀ.ਪੀ.ਡਬਲਯੂ. (ਡਿਪਾਰਟਮੇਂਟ ਆਫ਼ ਪਬਲਿਕ ਵਰਕਜ਼) ਵਿਭਾਗ ਦੇ ਐਗਜ਼ੀਕਿਊਟਿਵ ਚੀਫ਼ ਇੰਜੀਨੀਅਰ ਜਾਨ ਗਾਰਡਨ ਨੇ ਕੀਤਾ ਅਤੇ ਇਸ ਦੀ ਘੜਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸ਼ਰਫ਼ਦੀਨ ਪਾਸੋਂ ਕਰਵਾਇਆ ਗਿਆ। ਇਸ 145 ਫੁੱਟ ਉੱਚੇ ਟਾਵਰ ’ਤੇ ਲਾਲ ਰੰਗ ਕੀਤਾ ਗਿਆ ਹੋਣ ਕਰਕੇ ਪਹਿਲਾਂ-ਪਹਿਲ ਸਥਾਨਕ ਲੋਕ ਇਸ ਨੂੰ ‘ਲਾਲ ਚਬੂਤਰਾ’ ਜਾਂ ‘ਰੈੱਡ ਟਾਵਰ’ ਕਹਿ ਕੇ ਸੰਬੋਧਿਤ ਕਰਦੇ ਸਨ। ਬਾਅਦ ਵਿੱਚ ਇਸ ’ਤੇ ਘੜੀ ਲਗਾਏ ਜਾਣ ਕਰਕੇ ਇਸ ਨੂੰ ਘੰਟਾ-ਘਰ ਅਤੇ ਚਬੂਤਰਾ ਘੰਟਾ-ਘਰ ਕਿਹਾ ਜਾਣ ਲੱਗਾ।
ਉਸ ਸਮੇਂ ਦੌਰਾਨ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਫ਼ਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਦੇਹਰਾਦੂਨ, ਪਿਲਾਨੀ, ਊਟੀ, ਹੁਸੈਨਾਬਾਦ (ਲਖਨਊ), ਸਬਜ਼ੀ ਮੰਡੀ ਤੇ ਹਰੀ ਨਗਰ (ਦਿੱਲੀ), ਅਲੀਗੜ੍ਹ, ਮਿਰਜ਼ਾਪੁਰ (ਯੂ.ਪੀ.) ਅਤੇ ਫੈਸਲਾਬਾਦ (ਲਾਇਲਪੁਰ), ਸਿਆਲਕੋਟ, ਮੁਲਤਾਨ, ਹੈਦਰਾਬਾਦ, ਸੱਖਰ (ਸਿੰਧ) ਆਦਿ ਸ਼ਹਿਰਾਂ ਵਿੱਚ ਘੰਟਾ-ਘਰ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਇਸ ਦੇ ਨਿਰਮਾਣ ਨੂੰ ਲੈ ਕੇ ਕਿਸੇ ਨੇ ਵੀ ਕੋਈ ਵਿਰੋਧ ਜ਼ਾਹਰ ਨਹੀਂ ਕੀਤਾ। ਜਦੋਂਕਿ ਅੰਮ੍ਰਿਤਸਰ ਵਿੱਚ ਘੰਟਾ-ਘਰ ਦੇ ਨਿਰਮਾਣ ਨੂੰ ਲੈ ਕੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਹਿੰਦੂ-ਸਿੱਖਾਂ ਦਾ ਭਾਰੀ ਵਿਰੋਧ ਸਹਿਣਾ ਪਿਆ। ਇਸ ਦਾ ਇਕੋ ਕਾਰਨ ਸੀ ਕਿ ਬਾਕੀ ਸ਼ਹਿਰਾਂ ਵਿਚ ਘੰਟਾ-ਘਰ ਉਥੋਂ ਦੇ ਚੌਕਾਂ ਵਿਚ ਜਾਂ ਉਥੋਂ ਦੀਆਂ ਸਰਕਾਰੀ ਇਮਾਰਤਾਂ ਵਿੱਚ ਉਸਾਰੇ ਗਏ ਸਨ, ਜਦੋਂਕਿ ਅੰਮ੍ਰਿਤਸਰ ਵਿੱਚ ਇਸ ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਣਾਉਣ ਦੀ ਗੁਸਤਾਖ਼ੀ ਕੀਤੀ ਗਈ ਸੀ। ਅੰਮ੍ਰਿਤਸਰੀਆਂ ਦੇ ਇਸ ਵਿਰੋਧ ਨੂੰ ਅਣਗੌਲਿਆਂ ਕਰਕੇ ਭਾਵੇਂ ਕਿ ਅੰਗਰੇਜ਼ ਹਕੂਮਤ ਨੇ ਘੰਟਾ-ਘਰ ਦਾ ਨਿਰਮਾਣ ਜਾਰੀ ਰੱਖਿਆ, ਪਰ ਉਹ ਇਸ ਵਿੱਚ ਗਿਰਜਾ-ਘਰ ਸ਼ੁਰੂ ਕਰਨ ਦੀ ਹਿੰਮਤ ਨਾ ਕਰ ਸਕੇ।
ਘੰਟਾ-ਘਰ ਦੇ ਹੇਠਲੇ ਹਾਲ ਕਮਰੇ ਦੀ ਲੰਬਾਈ-ਚੌੜਾਈ 20 ਗੁਣਾਂ 20 ਫੁੱਟ ਸੀ। ਜਿੱਥੇ ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖੀ ਦੀ ਸਹਿਜ-ਸੁਭਾਅ ਵਾਲੀ ਸੋਚ ਸਦਕਾ ਨੀਵੇਂ ਸਥਾਨ ’ਤੇ ਕੀਤਾ ਗਿਆ ਸੀ, ਉਸ ਦੇ ਉਲਟ ਬ੍ਰਿਟਿਸ਼ ਨੇ ਆਪਣੀ ਅਕੜੂ ਤੇ ਘਮੰਡੀ ਸੋਚ ਦੇ ਚਲਦਿਆਂ ਰੈੱਡ ਟਾਵਰ ਦਾ ਨਿਰਮਾਣ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਧਰਤੀ ਤੋਂ ਕੋਈ 10 ਫੁੱਟ ਉੱਚਾ ਰੱਖ ਕੇ ਕੀਤਾ। ਪਹਿਲਾਂ-ਪਹਿਲ ਟਾਵਰ ਦੀ ਉਚਾਈ ਕੁਝ ਜ਼ਿਆਦਾ ਨਹੀਂ ਸੀ। ਬਾਅਦ ਵਿਚ ਜਦੋਂ ਇਸ ਦੀਆਂ ਮੰਜ਼ਲਾਂ ਵਧਾਈਆਂ ਗਈਆਂ ਤਾਂ ਇਸ ਦੇ ਚਾਰੋ ਪਾਸੇ ਪੱਥਰ ਦੀਆਂ ਘੜੀਆਂ ਲਗਾ ਦਿੱਤੀਆਂ ਗਈਆਂ। ਇਸ ਦੀ ਮੁੜ ਕੀਤੀ ਉਸਾਰੀ ’ਤੇ ਕਰੀਬ 23,000 ਰੁਪਏ ਦੀ ਲਾਗਤ ਆਈ। ਰਾਤ ਸਮੇਂ ਇਸ ਟਾਵਰ ਦੇ ਅੰਦਰ ਰੌਸ਼ਨੀ ਕਰਨ ਦੇ ਨਾਲ ਦੂਰ-ਦੂਰ ਤੱਕ ਟਾਈਮ ਦਾ ਪਤਾ ਚਲਦਾ ਰਹਿੰਦਾ ਸੀ ਅਤੇ ਹਰ ਘੰਟੇ ਬਾਅਦ ਖੜਕਣ ਵਾਲੇ ਟਲ ਦੀ ਆਵਾਜ਼ ਕਈ ਮੀਲ ਤੱਕ ਸੁਣਾਈ ਦਿੰਦੀ ਸੀ। ਸੰਨ 1923-24 ਵਿਚ 4000 ਰੁਪਏ ਖ਼ਰਚ ਕਰਕੇ ਇਸ ਦੇ ਪਲੇਟਫ਼ਾਰਮ ਅਤੇ ਟਾਂਗਾ ਸਟੈਂਡ ਦਾ ਫ਼ਰਸ਼ ਪੱਕਾ ਕਰਵਾਇਆ ਗਿਆ, ਜੋ ਕਿ ਘੰਟਾ ਘਰ ਦੇ ਪੂਰਬੀ ਦਰਵਾਜ਼ੇ ਦੇ ਅੱਗੇ ਸਥਿਤ ਸੀ। ਸ੍ਰੀ ਦਰਬਾਰ ਸਾਹਿਬ ਵਿਚ ਦੀਵਾਲੀ ਤੇ ਗੁਰਪੁਰਬਾਂ ਦੇ ਮੌਕੇ ’ਤੇ ਕੀਤੀ ਜਾਣ ਵਾਲੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਨਣ ਲਈ ਅੰਗਰੇਜ਼ ਅਤੇ ਸਰਮਾਏਦਾਰ ਸ਼ਹਿਰੀ ਇਸੇ ਥੜ੍ਹੇ ’ਤੇ ਕੁਰਸੀਆਂ ਲਗਾ ਕੇ ਬੈਠਦੇ ਸਨ। ਘੰਟਾ-ਘਰ ਦੇ ਇਸੇ ਵੱਡੇ ਥੜ੍ਹੇ ’ਤੇ ਬੈਠ ਕੇ ਲੋਕ ਛੁੱਟੀ ਵਾਲੇ ਦਿਨ ਅਕਸਰ ਕਬੂਤਰਾਂ ਨੂੰ ਦਾਣਾ ਪਾਉਂਦੇ ਜਾਂ ਬਜ਼ੁਰਗ ਆਰਾਮ ਕਰਦੇ ਵੇਖੇ ਜਾਂਦੇ ਸਨ। ਮੇਲਿਆਂ ਅਤੇ ਛੁੱਟੀ ਵਾਲੇ ਦਿਨ ਇਥੇ ਖਾਣ-ਪੀਣ ਦੀਆਂ ਛਾਬੜੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਕਰਤੱਬ ਅਤੇ ਤਮਾਸ਼ਾ ਵਿਖਾਉਣ ਵਾਲਿਆਂ ਦੀ ਚੰਗੀ ਭੀੜ ਰਹਿੰਦੀ ਸੀ। ਇਸ ਥੜ੍ਹੇ ਦੇ ਬਿਲਕੁਲ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਵਲੋਂ ਚੜਾਏ ਜਾਣ ਵਾਲੇ ਕੜਾਹ-ਪ੍ਰਸਾਦ ਨੂੰ ਬਣਾਉਣ ਵਾਲੇ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ ਅਤੇ ਪਾਸ ਹੀ ਯਾਤਰੂਆਂ ਦੇ ਠਹਿਰਣ ਲਈ ਛੋਟੀਆਂ-ਛੋਟੀਆਂ ਸਰਾਵਾਂ ਬਣਾਈਆਂ ਗਈਆਂ ਸਨ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰਡ ਟਾਵਰ ਸਹਿਤ ਬਾਕੀ ਬੁੰਗਿਆਂ ਦੀ ਮੌਜੂਦਗੀ ਦੇ ਕਾਰਨ ਰਸਤਾ ਕਾਫੀ ਤੰਗ ਹੋ ਗਿਆ ਸੀ। ਇਸ ਸਮੱਸਿਆ ਨੂੰ ਵਿਚਾਰਦਿਆਂ ਪਰਿਕਰਮਾ ਚੌੜੀ ਕਰਨ ਹਿਤ ਬੁੰਗਿਆਂ ਦੀਆਂ ਪੁਰਾਣੀਆਂ ਅਤੇ ਖਸਤਾ ਹੋ ਚੁੱਕੀਆਂ ਇਮਾਰਤਾਂ ਨੂੰ ਵਿਧੀ ਪੂਰਵਕ 29 ਅਕਤੂਬਰ, 1943 ਨੂੰ ਸਵੇਰੇ 10 ਵਜੇ ਘੜਿਆਲ੍ਹੀਆਂ ਬੁੰਗੇ ਤੋਂ ਢਾਹੁਣਾ ਸ਼ੁਰੂ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਕਰੀਬ 82 ਵਰ੍ਹਿਆਂ ਤਕ ਮਖਮਲ ਵਿਚ ਟਾਟ ਦੇ ਪਾਬੰਦ ਦੀ ਤਰ੍ਹਾਂ ਕਾਇਮ ਰਹੇ ਉਪਰੋਕਤ ਰੈੱਡ ਟਾਵਰ ਬਨਾਮ ਲਾਲ ਚਬੂਤਰਾ ਬਨਾਮ ਘੰਟਾ-ਘਰ ਨੂੰ ਸੰਨ 1945 ਦੇ ਅੰਤ ਵਿਚ ਢਹਿ ਢੇਰੀ ਕਰ ਦਿੱਤਾ ਗਿਆ।
- ਸੁਰਿੰਦਰ ਕੋਛੜ
ਸੰਪਰਕ : 93561-2777

No comments:

Post a Comment